ਪਟਿਆਲਾ: 23 ਫਰਵਰੀ, 2016
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਚੰਡੀਗੜ੍ਹ ਦੇ ਸਹਿਯੋਗ ਨਾਲ “ਵਿਦਿਆਰਥੀ ਲੀਡਰਸ਼ਿਪ ਪ੍ਰੋਗਰਾਮ“ ਆਯੋਜਿਤ ਕੀਤਾ ਗਿਆ। ਮਹਿਮਾਨ ਵਕਤਾਵਾਂ ਦੇ ਸਵਾਗਤ ਵਿੱਚ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿੱਚ ਕੰਮ ਕਰਨ ਦੇ ਅਵਸਰ ਪ੍ਰਾਪਤ ਹੋ ਰਹੇ ਹਨ, ਪਰੰਤੂ ਇਹਨਾਂ ਅਵਸਰਾਂ ਦਾ ਲਾਭ ਸਿਰਫ਼ ਉਹ ਨੌਜਵਾਨ ਹੀ ਉਠਾ ਸਕਦੇ ਹਨ ਜਿਨ੍ਹਾਂ ਕੋਲ ਵਿਸ਼ੇਸ਼ ਵਿਦਿਅਕ ਯੋਗਤਾ ਦੇ ਨਾਲ-ਨਾਲ ਲੀਡਰਸ਼ਿਪ ਦੇ ਗੁਣ ਵੀ ਹੋਣ। ਇਸੇ ਤਰ੍ਹਾਂ ਪੇਸ਼ੇਵਰ ਸੰਸਥਾਵਾਂ ਵਿਚ ਹਰ ਪ੍ਰਕਾਰ ਦੇ ਵਸੀਲਿਆਂ ਦੇ ਸੁਯੋਗ ਪ੍ਰਬੰਧਨ ਲਈ ਲੀਡਰਸ਼ਿਪ ਦੇ ਗੁਣਾਂ ਦੀ ਲੋੜ ਪੈਂਦੀ ਹੈ। ਇਸੇ ਗੱਲ ਨੂੰ ਮੁੱਖ ਰੱਖ ਕੇ ਕਾਲਜ ਵਿਚ ਵਿਦਿਆਰਥੀ ਲੀਡਰਸ਼ਿਪ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਚੰਡੀਗੜ੍ਹ ਤੋਂ ਆਈ ਵਿਸ਼ਾ-ਮਾਹਿਰ ਮਿਸ ਅਕਾਂਕਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਰਾਜਨੀਤੀ ਦੇ ਨਾਲ ਨਾਲ ਸਮਾਜ ਦੇ ਵਿਭਿੰਨ ਅਦਾਰਿਆਂ ਵਿਚ ਪ੍ਰਭਾਵਸ਼ਾਲੀ ਅਗਵਾਈ ਪ੍ਰਦਾਨ ਕਰਨ ਵਾਲੇ ਨੌਜਵਾਨਾਂ ਦੀ ਜ਼ਰੂਰਤ ਪੈਂਦੀ ਹੈ। ਦੂਰ ਦ੍ਰਿਸ਼ਟੀ, ਦੂਜਿਆਂ ਨੂੰ ਨਾਲ ਲੈ ਕੇ ਚਲਣ ਦੀ ਸਮਰਥਾ, ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਸਕਣ ਦੀ ਯੋਗਤਾ ਹੀ ਲੀਡਰਸ਼ਿਪ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਜ਼ਿੰਦਗੀ ਵਿਚ ਹਰ ਕੰਮ ਨੂੰ ਪੂਰੀ ਸੁਹਿਰਦਤਾ, ਪ੍ਰਤਿਬੱਧਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਸਿਰੇ ਚਾੜ੍ਹਨ ਦਾ ਯਤਨ ਕਰਨ। ਵਿਦਵਾਨ ਵਕਤਾ ਨੇ ਇਹ ਵੀ ਕਿਹਾ ਕਿ ਨਵੇਂ ਕੰਮ ਕਰਦਿਆਂ ਮਿਲੀ ਅਸਫ਼ਲਤਾ ਤੋਂ ਮਾਯੂਸ ਹੋਣ ਦੀ ਬਜਾਏ ਇਸ ਤੋਂ ਸਬਕ ਸਿੱਖ ਕੇ ਹੋਰ ਦ੍ਰਿੜਤਾ ਨਾਲ ਅੱਗੇ ਵਧਣ ਦਾ ਯਤਨ ਕਰਨਾ ਚਾਹੀਦਾ ਹੈ।
ਇਸੇ ਸੰਸਥਾ ਤੋਂ ਆਈ ਦੂਸਰੀ ਵਿਸ਼ਾ-ਮਾਹਿਰ ਮਿਸ ਕਮਲਪ੍ਰੀਤ ਕੌਰ ਨੇ ਆਪਣੀ ਪੇਸ਼ਕਾਰੀ ਵਿਚ ਇਹ ਦੱਸਣ ਦਾ ਯਤਨ ਕੀਤਾ ਕਿ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਲਈ ਚੰਗੀ ਸਿਹਤ ਦੇ ਨਾਲ ਨਾਲ ਉਸਾਰੂ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੀਵਨ ਨਿਰੰਤਰ ਸੰਘਰਸ਼ ਹੈ, ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਅਤੇ ਮੁਸੀਬਤਾਂ ਨੂੰ ਸਪਸ਼ਟ ਸੋਚ, ਹਿੰਮਤ, ਯੋਜਨਾਬੰਦੀ, ਵਕਤ ਪ੍ਰਬੰਧਨ ਅਤੇ ਅੰਦਰੂਨੀ ਤਾਕਤ ਨਾਲ ਦੂਰ ਕੀਤਾ ਜਾ ਸਕਦਾ ਹੈ। ਮਿਸ ਕਮਲਪ੍ਰੀਤ ਕੌਰ ਨੇ ਇਹ ਵੀ ਕਿਹਾ ਕਿ ਰੋਜ਼ਾਨਾ ਦੇ ਕੰਮਾਂ ਕਾਰਾਂ ਚੋਂ ਸਮਾਂ ਕੱਢ ਕੇ ਕੁਦਰਤੀ ਦਿਸzyਾਂ ਦਾ ਆਨੰਦ ਮਾਨਣ, ਲੋੜਵੰਦਾਂ ਦੀ ਮਦਦ ਕਰਨ, ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਣ, ਰੋਜ਼ਾਨਾ ਨਿੱਜੀ ਡਾਇਰੀ ਲਿਖਣ ਅਤੇ ਨਫ਼ਰਤ, ਗੁੱਸੇ, ਈਰਖਾ ਤੇ ਲਾਲਚ ਉਪਰ ਕਾਬੂ ਪਾਉਣ ਨਾਲ ਬੇਲੋੜੇ ਮਾਨਸਿਕ ਤਣਾਓ ਤੋਂ ਬਚਿਆ ਜਾ ਸਕਦਾ ਹੈ।
ਪ੍ਰੋ. ਹਰਮੋਹਨ ਸ਼ਰਮਾ ਨੇ ਸੰਬੰਧਤ ਵਿਸ਼ੇ ਅਤੇ ਮਹਿਮਾਨ ਵਕਤਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਪ੍ਰੋ. ਗਾਇਤਰੀ, ਪ੍ਰੋ. ਹਨੀ ਵਧਾਵਨ, ਮਿਸ ਸਪਨਾ ਅਤੇ ਕਾਲਜ ਦੇ ਵਿਦਿਆਰਥੀ ਇਸ਼ਨੂਰ ਘੁੰਮਣ, ਮਨੀਸ਼ ਸਿੰਘ ਅਤੇ ਅਜੀਤ ਸਿੰਘ ਚੀਮਾ ਨੇ ਵਿਦਵਾਨ ਵਕਤਾਵਾਂ ਨਾਲ ਸੰਬੰਧਿਤ ਵਿਸ਼ੇ ਤੇ ਬਹੁਤ ਹੀ ਦਿਲਚਸਪ ਸੰਵਾਦ ਰਚਾਇਆ। ਪ੍ਰੋ. ਹਰਮੋਹਨ ਸ਼ਰਮਾ ਨੇ ਆਏ ਮਹਿਮਾਨਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।


